ਜੋਗਿੰਦਰਾ ਇਲੈਕਟ੍ਰੋਨਿਕਸ ਹਾਜੀਪੁਰ ਦੇ ਮਾਲਕ ਸ. ਜੋਗਿੰਦਰ ਸਿੰਘ ਹੋਏ ਸਵਰਗਵਾਸ

ਕਾਂਗਰਸ ਪਾਰਟੀ ਦੇ ਝੰਡੇ ਵਿਚ ਲਿਪਟੇ ਹੋਏ ਸ. ਜੋਗਿੰਦਰ ਸਿੰਘ
ਹਾਜੀਪੁਰ, 31-10-2021 (ਕ.ਕ.ਪ.) -20 ਸਾਲਾਂ ਤੱਕ ਪੰਚਾਇਤ ਮੈਂਬਰ ਰਹੇ ਜੋਗਿੰਦਰਾ ਇਲੈਕਟ੍ਰੋਨਿਕਸ ਹਾਜੀਪੁਰ ਦੇ ਮਾਲਕ ਸ. ਜੋਗਿੰਦਰ ਸਿੰਘ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਮਿਤੀ 22 ਅਕਤੂਬਰ 2021 ਨੂੰ ਅਕਾਲ ਚਲਾਣਾ ਕਰ ਗਏ। ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਉਹਨਾਂ ਦੇ ਪੁੱਤਰ ਰਣਜੀਤ ਸਿੰਘ ਨੇ ਦੱਸਿਆ ਕਿ ਸ. ਜੋਗਿੰਦਰ ਸਿੰਘ ਜੀ ਦੀ ਸਿਹਤ ਦੋ ਦਿਨ ਪਹਿਲਾਂ ਥੋੜੀ ਜਿਹੀ ਖਰਾਬ ਹੋਈ ਸੀ ਅਤੇ 22-10-2021 ਨੂੰ ਉਹ ਸਵਰਗਵਾਸ ਹੋ ਗਏ। ਇਸੇ ਦਿਨ ਇਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਜਿੱਥੇ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਇਲਾਕੇ ਦੇ ਲੋਕ, ਕਾਂਗਰਸ ਪਾਰਟੀ ਦੇ ਆਗੂ, ਅਕਾਲੀ ਦਲ ਦੇ ਆਗੂ ਅਤੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ। ਕਾਂਗਰਸ ਪਾਰਟੀ ਵੱਲੋਂ ਉਹਨਾਂ ਦੇ ਮਿ੍ਰਤਕ ਸ਼ਰੀਰ ਨੂੰ ਪਾਰਟੀ ਦੇ ਝੰਡੇ ਵਿਚ ਲਪੇਟ ਕੇ ਸ਼ਮਸ਼ਾਨ ਘਾਟ ਲਿਜਾਂਦਾ ਗਿਆ। ਰੋਂਦੀਆਂ ਅੱਖਾਂ ਨਾਲ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ।
ਸ. ਜੋਗਿੰਦਰ ਸਿੰਘ ਦੀ ਅੰਤਮ ਅਰਦਾਸ ਅਤੇ ਰਸਮ ਪਗੜੀ 31-10-2021 ਨੂੰ ਗੁਰਦੁਆਰਾ ਸਿੰਘ ਸਭਾ, ਹਾਜੀਪੁਰ ਵਿਖੇ ਹੋਈ। ਇਸ ਮੌਕੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਸ. ਜੋਗਿੰਦਰ ਸਿੰਘ ਇਸ ਗੁਰਦੁਆਰਾ ਸਾਹਿਬ ਦੇ ਮੀਤ ਪ੍ਰਧਾਨ ਸਨ। ਇਸ ਮੌਕੇ ਕਾਂਗਰਸ ਪਾਰਟੀ ਵੱਲੋਂ ਮੁਕੇਰੀਆਂ ਹਲਕੇ ਦੇ ਵਿਧਾਇਕ ਸ਼੍ਰੀਮਤੀ ਇੰਦੂ ਬਾਲਾ ਉਚੇਚੇ ਤੌਰ ਤੇ ਸ਼ਰਧਾਂਜਲੀ ਦੇਣ ਲਈ ਪਹੁੰਚੇ। ਇਹਨਾਂ ਤੋਂ ਅਲਾਵਾ ਕਾਂਗਰਸ ਅਤੇ ਅਕਾਲੀ ਦਲ ਦੇ ਆਗੂ ਵੀ ਸ਼ਾਮਲ ਹੋਏ। ਸ. ਜੋਗਿੰਦਰ ਸਿੰਘ ਜੀ ਆਪਣੇ ਜਵਾਨੀ ਦੇ ਦਿਨਾਂ ਤੋਂ ਹੀ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੀ। ਉਹ ਪਹਲਿਾਂ ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਰਹੇ। 20 ਸਾਲ ਤੱਕ ਉਹ ਹਾਜੀਪੁਰ ਦੀ ਪੰਚਾਇਤ ਦੇ ਮੈਂਬਰ ਚੁਣੇ ਜਾਂਦੇ ਰਹੇ। ਇਕ ਲੰਬੇ ਸਮੇਂ ਤੱਕ ਉਹ ਸਿਟੀ ਕਾਂਗਰਸ ਦੇ ਪ੍ਰਧਾਨ ਰਹੇ। ਰਾਮਲੀਲਾ ਕਲੱਬ ਹਾਜੀਪੁਰ ਦੇ ਉਹ ਚੇਅਰਮੈਨ ਸੀ। ਸਮਾਜ ਵਿਚ ਉਹਨਾਂ ਦਾ ਇਕ ਚੰਗਾ ਨਾਮ ਸੀ। ਉਹਨਾਂ ਦੇ ਪਰਿਵਾਰ ਵਿਚ ਹੁਣ ਪਤਨੀ, ਦੋ ਬੇਟੇ ਅਤੇ ਦੋ ਬੇਟੀਆਂ ਹਨ।
ਜੋਗਿੰਦਰ ਸਿੰਘ ਦੀ ਮੌਤ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਹੋਇਆ ਹੈ ਉਥੇ ਨਾਲ ਹੀ ਸਮਾਜ ਨੂੰ ਵੀ ਬਹੁਤ ਵੱਡਾ ਘਾਟਾ ਹੋਇਆ ਹੈ। ਉਹ ਇਕ ਸੱਚੇ, ਇਮਾਨਦਾਰ, ਸਮਾਜ ਸੇਵਾ ਕਰਨ ਵਾਲੇ ਚੰਗੇ ਆਗੁ ਸੀ। ਅਦਾਰਾ ਕਸ਼ਯਪ ਕ੍ਰਾਂਤੀ, ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਅਤੇ www.kashyaprajput.com ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਉਹ ਸ. ਜੋਗਿੰਦਰ ਸਿੰਘ ਦੀ ਆਤਮਾ ਨੂੰ ਆਪਣੇ ਚਰਣਾਂ ਵਿਚ ਨਿਵਾਸ ਬਖਸ਼ਿਸ਼ ਕਰੇ।