ਕਾਹਨੂੰਵਾਨ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦਾ 14ਵਾਂ ਸਲਾਨਾ ਸ਼ਹੀਦੀ ਦਿਹਾੜਾ

ਰਾਗੀ ਜੱਥਾ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਬਾਰੇ ਦੱਸਦੇ ਹੋਏ

ਵਿਧਾਇਕ ਫਤਿਹਜੰਗ ਸਿੰਘ ਬਾਜਵਾ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ
ਕਾਹਨੂੰਵਾਨ, 18-1-2021 (ਪਵਨ ਕੁਮਾਰ) – ਸਿੱਖ ਪੰਥ ਦੇ ਮਹਾਨ ਸ਼ਹੀਦ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਜਿਹਨਾਂ ਨੂੰ ਪੂਰੇ ਪਰਿਵਾਰ ਸਮੇਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਠੰਡੇ ਬੁਰਜ ਵਿਚ ਗਰਮ ਦੁੱਧ ਦੀ ਸੇਵਾ ਕਰਨ ਦੇ ਬਦਲੇ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਨੂੰ ਯਾਦ ਕਰਦੇ ਹੋਏ ਕਾਹਨੂੰਵਾਨ ਵਿਖੇ 14ਵਾਂ ਸਲਾਨਾ ਸ਼ਹੀਦੀ ਦਿਹਾੜਾ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਥੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿਚ ਉਸਾਰੀ ਗਈ ਧਰਮਸ਼ਾਲਾ ਮਹਿਰਾ ਬਿਰਾਦਰੀ ਵਿਖੇ ਪ੍ਰਧਾਨ ਵਿਨੋਦ ਕੁਮਾਰ ਦੀ ਅਗਵਾਈ ਹੇਠ ਇਹ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸਭਾ ਵੱਲੋਂ ਸੰਗਤ ਵਾਸਤੇ ਸਵੇਰੇ ਗਰਮ ਦੁੱਧ ਅਤੇ ਬਦਾਨੇ-ਸੇਵੀਆਂ ਦਾ ਲੰਗਰ ਲਗਾਇਆ ਗਿਆ।
ਇਸ ਦੌਰਾਨ ਧਰਮਸ਼ਾਲਾ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਰਾਗੀ ਜੱਥੇ ਨੇ ਬਾਬਾ ਮੋਤੀ ਰਾਮ ਮਹਿਰਾ ਦੀ ਕੁਰਬਾਨੀ ਅਤੇ ਸਿੱਖ ਇਤਿਹਾਸ ਨਾਲ ਜੋੜ ਕੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਉਚੇਚੇ ਤੌਰ ਤੇ ਸ਼ਾਮਲ ਹੋਏ। ਉਹਨਾਂ ਬਾਬਾ ਮੋਤੀ ਰਾਮ ਮਹਿਰਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕਿਹਾ ਕਿ ਇਤਿਹਾਸ ਵਿਚ ਅਜਿਹੀ ਕੁਰਬਾਨੀ ਹੋਰ ਦੇਖਣ ਨੂੰ ਮਿਲਦੀ ਜਿੱਥੇ ਹਾਕਮਾਂ ਦੇ ਹੁਕਮਾਂ ਦੀ ਪ੍ਰਵਾਨ ਨਾ ਕਰਦੇ ਹੋਏ ਆਪਣੇ ਧਰਮ ਦਾ ਪਾਲਣ ਕਰਦੇ ਹੋਏ ਸਾਰੇ ਪਰਿਵਾਰ ਦੀ ਸ਼ਹਾਦਤ ਦਿੱਤੀ ਹੋਵੇ। ਉਹਨਾਂ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਤੋਂ ਅਲਾਵਾ ਕਸ਼ਯਪ ਰਾਜਪੂਤ ਮਹਾਂਸਭਾ ਦੇ ਪ੍ਰਧਾਨ ਡਾ. ਮਨਮੋਹਨ ਸਿੰਘ ਭਾਗੋਵਾਲੀਆ ਨੇ ਵੀ ਸੰਗਤ ਨੂੰ ਸੰਬੋਧਤ ਕੀਤਾ। ਪ੍ਰਬੰਧਕੀ ਕਮੇਟੀ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਹਨਾਂ ਤੋਂ ਅਲਾਵਾ ਸ. ਬਲਬੀਰ ਸਿੰਘ ਪਾਹੜਾ, ਜਿਲਾ ਪ੍ਰੀਸ਼ਦ ਮੈਂਬਰ ਠਾਕਰ ਬਲਰਾਜ ਸਿੰਘ, ਸਰਪੰਚ ਠਾਕਰ ਆਫਤਾਬ ਸਿੰਘ, ਠੇਕੇਦਾਰ ਗੁਰਨਾਮ ਸਿੰਘ, ਡਾਇਰੈਕਟਰ ਈਸ਼ਰ ਸਿੰਘ ਤੋਂ ਅਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜਰੀ ਭਰੀ।
ਕਮੇਟੀ ਮੈਂਬਰਾਂ ਰਵਿੰਦਰ ਕੁਮਾਰ, ਚੰਦਰ ਮੋਹਨ, ਮੋਹਨ ਲਾਲ, ਤਰਸੇਮ ਲਾਲ, ਰਾਮ ਲੁਭਾਇਆ, ਚਮਨ ਲਾਲ, ਕੁਲਦੀਪ ਕੁਮਾਰ, ਬਲਵਿੰਦਰ ਸਿੰਘ, ਪਵਨ ਕੁਮਾਰ, ਮੰਗਤ ਰਾਮ, ਸੁਖਦੇਵ ਰਾਜ, ਰਾਜਿੰਦਰ ਕੁਮਾਰ ਆਦਿ ਨੇ ਬੜੀ ਹੀ ਸ਼ਰਧਾ ਨਾਲ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਪ੍ਰੋਗਰਾਮ ਨੂੰ ਸਫਲ ਕੀਤਾ। ਦੁਪਹਿਰ ਨੂੰ ਗੁਰੂ ਦਾ ਲੰਗਰ ਅਤੁੱਟ ਵਰਤਿਆ।